ਸੀ.ਆਰ.ਏ. ਕੈਨੇਡਾ ਵਿੱਚ 86,000 ਤੋਂ ਵੱਧ ਰਜਿਸਟਰਡ ਚੈਰਿਟੀਜ਼ (ਬਿਨਾਂ ਮੁਨਾਫ਼ੇ ਦੇ ਚੱਲਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ) ਦਾ ਪ੍ਰਬੰਧ ਵੇਖਦਾ ਹੈ। ਚੈਰਿਟੀ ਦੇਣ ਵਾਲਿਆਂ ਨੂੰ ਟੈਕਸ ਏਜੰਸੀ ਕੁੱਝ ਨੁਕਤੇ ਦੇ ਰਹੀ ਹੈ, ਤਾਂ ਜੋ ਉਹ ਯਕੀਨੀ ਤੌਰ ਉਤੇ ਆਪਣੀਆਂ ਦਾਨ ਦੀਆਂ ਰਕਮਾਂ ਬਾਰੇ ਸੁਰੱਖਿਅਤ ਮਹਿਸੂਸ ਕਰ ਸਕਣ।
1) ਪੁਸ਼ਟੀ ਕਰੋ ਕਿ ਕੀ ਸੰਗਠਨ ਕੈਨੇਡਾ ਦੀ ਇੱਕ ਰਜਿਸਟਰਡ ਚੈਰਿਟੀ ਹੈ।
ਰਜਿਸਟਰਡ ਚੈਰਿਟੀਜ਼ ਨੂੰ ਆਪਣੇ ਸਰੋਤ ਚੈਰਿਟੇਬਲ (ਉਪਕਾਰੀ ਜਾਂ ਖ਼ੈਰਾਤੀ) ਗਤੀਵਿਧੀਆਂ ਨੂੰ ਸਮਰਪਿਤ ਕਰਨੇ ਹੁੰਦੇ ਹਨ ਤੇ ਉਨ੍ਹਾਂ ਉਤੇ ਸੀ.ਆਰ.ਏ. ਵੱਲੋਂ ਨਜ਼ਰ ਰੱਖੀ ਜਾਂਦੀ ਹੈ। ਕੇਵਲ ਸੀ.ਆਰ.ਏ. ਨਾਲ ਰਜਿਸਟਰਡ ਚੈਰਿਟੀਜ਼ ਹੀ ਟੈਕਸ ਮੰਤਵਾਂ ਲਈ ਅਧਿਕਾਰਤ ਦਾਨ ਰਸੀਦਾਂ ਜਾਰੀ ਕਰ ਸਕਦੀਆਂ ਹਨ। ‘ਸੀ.ਆਰ.ਏ. ਚੈਰਿਟੀਜ਼ ਦੀਆਂ ਸੂਚੀਆਂ’ ਚੈਕ ਕਰੋ ਜਾਂ ਸੀ.ਆਰ.ਏ. ਨੂੰ 1-800-267-2384 ਉਤੇ ਕਾੱਲ ਕਰੋ।
2) ਚੈਰਿਟੀ ਨੂੰ ਜਾਣੋ।
ਚੈਰਿਟੀ ਦੀ ਵੈਬਸਾਈਟ ਉਤੇ ਜਾ ਕੇ ਸ਼ੁਰੂਆਤ ਕਰੋ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਜਾਣੋ ਤੇ ਵੇਖੋ ਕਿ ਉਸ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ। ਤੁਸੀਂ ਇਸ ਦੀ ਵਿੱਤੀ ਜਾਣਕਾਰੀ ਤੇ ਗਤੀਵਿਧੀਆਂ ਦੀ ਸਮੀਖਿਆ ਵੀ ‘ਸੀ.ਆਰ.ਏ. ਦੇ ਚੈਰਿਟੀ ਤੁਰਤ ਦਰਸ਼ਨ’ ਦੀ ਵਰਤੋਂ ਕਰਦਿਆਂ ਉਸ ਦੀਆਂ ਸੂਚਨਾ ਰਿਟਰਨਜ਼ ਨੂੰ ਵੇਖ ਕੇ ਕਰ ਸਕਦੇ ਹੋ। ਕਿਸੇ ਚੈਰਿਟੀ ਬਾਰੇ ਜਾਣਨ ਦੇ ਬਿਹਤਰੀਨ ਤਰੀਕਿਆਂ ਵਿਚੋਂ ਇੱਕ ਹੈ ਉਸ ਦਾ ਵਲੰਟੀਅਰ ਬਣ ਜਾਣਾ। ਮਨੀਸੈਂਸ (MoneySense) ਕੈਨੇਡਾ ਦੀਆਂ ਚੈਰਿਟੀਜ਼ ਬਾਰੇ ਇੱਕ ‘ਸਾਲਾਨਾ ਗਾਈਡ’ ਵੀ ਪ੍ਰਕਾਸ਼ਿਤ ਕਰਦਾ ਹੈ।
3) ਅਜਿਹੀਆਂ ‘ਤੋਹਫ਼ੇ ਵਾਲੀਆਂ ਟੈਕਸ ਸ਼ੈਲਟਰ’ (gifting tax shelter) ਯੋਜਨਾਵਾਂ ਤੋਂ ਬਚੋ ਜੋ ਵਾਅਦਾ ਕਰਦੀਆਂ ਹੋਣ ਕਿ ਤੁਹਾਡੇ ਮੁਨਾਫ਼ੇ, ਤੁਹਾਡੇ ਦਾਨ ਦੀ ਰਕਮ ਤੋਂ ਵੱਧ ਹੋਣਗੇ।
ਦਾਨ ਦੀਆਂ ਅਜਿਹੀਆਂ ਯੋਜਨਾਵਾਂ ਨਾਲ ਬਹੁਤ ਸਾਰੇ ਜੋਖਮ ਜੁੜੇ ਹੁੰਦੇ ਹਨ, ਬਹੁਤੇ ਮਾਮਲਿਆਂ ਵਿੱਚ, ਦਾਨ ਕੀਤੇ ਫ਼ੰਡਾਂ ਵਿਚੋਂ 1 ਪ੍ਰਤੀਸ਼ਤ ਤੋਂ ਵੀ ਘੱਟ ਨੂੰ ਚੈਰਿਟੇਬਲ ਕੰਮਾਂ ਲਈ ਵਰਤਿਆ ਜਾਂਦਾ ਹੈ। ਸੀ.ਆਰ.ਏ. ਦਾ ਤੁਹਾਨੂੰ ਇਹੋ ਜ਼ੋਰਦਾਰ ਸੁਝਾਅ ਹੈ ਕਿ ਤੁਸੀਂ ਤੋਹਫ਼ੇ ਵਾਲੀਆਂ ਟੈਕਸ ਸ਼ੈਲਟਰ ਯੋਜਨਾਵਾਂ ’ਚ ਸ਼ਾਮਲ ਨਾ ਹੋਵੋ। ਜਿਵੇਂ ਸਾਲ 2013 ਦੇ ਟੈਕਸ ਵਰ੍ਹੇ ਲਈ, ਜੇ ਤੋਹਫ਼ੇ ਵਾਲੇ ਟੈਕਸ ਸ਼ੈਲਟਰ ਵਿੱਚ ਦਾਨ ਕੀਤੀ ਰਕਮ ਵਿਵਾਦ ਵਿੱਚ ਹੈ, ਤਾਂ ਤੁਹਾਨੂੰ ਕਾਨੂੰਨ ਅਨੁਸਾਰ ਤੁਹਾਡੇ ਵੱਲ ਨਿਕਲਦੇ ਟੈਕਸ ਦਾ 50 ਪ੍ਰਤੀਸ਼ਤ ਅਦਾ ਕਰਨਾ ਹੋਵੇਗਾ।
4) ਧੋਖਾਧੜੀ ਦੀਆਂ ਨਿਸ਼ਾਨੀਆਂ ਦੀ ਪਛਾਣ ਕਰਨੀ ਸਿੱਖੋ।
ਧੋਖਾਧੜੀ ਦੀਆਂ ਨਿਸ਼ਾਨੀਆਂ ਇਹ ਹੋ ਸਕਦੀਆਂ ਹਨ ਜਿਵੇਂ ਤੁਰੰਤ ਧਨ ਦੇਣ ਲਈ ਗ਼ੈਰ-ਵਾਜਬ ਦਬਾਅ, ਲੋਕ ਕੇਵਲ ਨਕਦ ਰਕਮ ਦੀ ਮੰਗ ਕਰਨ, ਜਾਂ ਲੋਕ ਤੁਹਾਨੂੰ ਚੈਰਿਟੀ ਦੀ ਥਾਂ ਉਨ੍ਹਾਂ ਦੇ ਆਪਣੇ ਨਾਂਅ ਦਾ ਚੈਕ ਕੱਟਣ ਲਈ ਆਖਣ। ਇਸ ਤੋਂ ਇਲਾਵਾ, ਧੋਖਾਧੜੀ ਕਰਨ ਵਾਲੇ ਸੰਗਠਨ ਕੁੱਝ ਵਾਰ ਪ੍ਰਸਿੱਧ ਅਤੇ ਇੱਜ਼ਤਦਾਰ ਰਜਿਸਟਰਡ ਚੈਰਿਟੀਜ਼ ਦੇ ਨਾਂਅ ਵਰਤਦੇ ਹਨ ਭਾਵ ਉਹੋ ਜਿਹੇ ਨਾਮ ਰੱਖ ਲੈਂਦੇ ਹਨ।