ਨਵੇਂ ਪ੍ਰਵਾਸੀਆਂ ਲਈ ਟੈਕਸ ਅਤੇ ਪੈਨਸ਼ਨ ਨੁਕਤੇ

By ਸੁਜ਼ੈਨ ਸ਼ਰਮਾ | January 30, 2015 | Last updated on January 30, 2015
1 min read

ਕੈਨੇਡਾ ਦੀ ਦੋਹਰੀ ਨਾਗਰਿਕਤਾ ਬਾਰੇ ਪਸੰਦ ਕਰਨ ਲਈ ਬਹੁਤ ਕੁੱਝ ਹੈ। ਇਸ ਨਾਲ ਤੁਹਾਨੂੰ ਕੈਨੇਡੀਅਨ ਜੀਵਨ ਵਿੱਚ ਪੂਰੀ ਤਰ੍ਹਾਂ ਭਾਗ ਲੈਣ ਦੀ ਇਜਾਜ਼ਤ ਵੀ ਮਿਲਦੀ ਹੈ ਤੇ ਤੁਸੀਂ ਨਾਲ ਹੀ ਆਪਣੇ ਜੱਦੀ ਦੇਸ਼ ਦੇ ਬਹੁਤੇ ਅਧਿਕਾਰਾਂ, ਮਰਿਆਦਾਵਾਂ, (ਅਤੇ ਕੁੱਝ ਵਾਰ ਜ਼ਿੰਮੇਵਾਰੀਆਂ) ਵੀ ਜਾਰੀ ਰੱਖ ਸਕਦੇ ਹੋ, ਬਸ਼ਰਤੇ ਜੇ ਇਹ ਦੋਹਰੀ ਨਾਗਰਿਕਤਾ ਨੂੰ ਮਾਨਤਾ ਦੇਵੇ।

ਜੇ ਤੁਸੀਂ ਅਮਰੀਕਾ ਤੋਂ ਨਹੀਂ ਹੋ, ਤਾਂ ਟੈਕਸ ਸਮੇਂ ਦੋਹਰੀ ਨਾਗਰਿਕਤਾ ਕੋਈ ਗੰਭੀਰ ਮੁੱਦਾ ਨਹੀਂ ਹੈ।

ਟੋਰਾਂਟੋ ਸਥਿਤ ਗ੍ਰਾਂਟ ਦੌਰੰਟਨ ਐਲ ਐਲ ਪੀ (Grant Thornton LLP) ਦੇ ਰਾਸ਼ਟਰੀ-ਅੰਤਰਰਾਸ਼ਟਰੀ ਗਤੀਸ਼ੀਲਤਾ ਸੇਵਾਵਾਂ (national global mobility services) ਬਾਰੇ ਭਾਈਵਾਲ ਰੇਅ ਕਿਨੋਸ਼ਿਤਾ ਨੇ ਦੱਸਿਆ,‘‘ਟੈਕਸ ਮੰਤਵਾਂ ਲਈ ਵਧੇਰੇ ਬਹੁ-ਗਿਣਤੀ ਦੇਸ਼ ਵਿਅਕਤੀਆਂ ਦਾ ਵਰਗੀਕਰਣ ਰਿਹਾਇਸ਼ ਦੇ ਆਧਾਰ ’ਤੇ ਕਰਦੇ ਹਨ, ਨਾਗਰਿਕਤਾ ਦੇ ਆਧਾਰ ’ਤੇ ਨਹੀਂ।’’

ਕਿਨੋਸ਼ਿਤਾ ਨੇ ਦੱਸਿਆ ਕਿ ਰਿਹਾਇਸ਼ ਦੀ ਸਥਿਤੀ ਆਮ ਤੌਰ ਉਤੇ ਇਨ੍ਹਾਂ ਹੀ ਚਾਰ ਬੜੇ ਸਪੱਸ਼ਟ ਨਿਯਮਾਂ ਨਾਲ ਨਿਰਧਾਰਤ ਕੀਤੀ ਜਾਂਦੀ ਹੈ, ਜੋ ਇੱਥੇ ਅਸੀਂ ਤਰਜੀਹ ਦੇ ਕ੍ਰਮ ਅਨੁਸਾਰ ਦੇ ਰਹੇ ਹਾਂ:

  • ਸਥਾਈ ਮਕਾਨ;
  • ਮੁੱਖ ਹਿਤਾਂ ਦਾ ਕੇਂਦਰ;
  • ਸੁਭਾਵਕ ਜਾਂ ਪੱਕੀ ਰਿਹਾਇਸ਼
  • ਕੌਮੀਅਤ

ਪਰ ਫਿਰ ਵੀ ਕੁੱਝ ਵਿੱਤੀ ਮਾਮਲਿਆਂ ਬਾਰੇ ਜਾਣੂ ਹੋਣਾ ਹੋਵੇਗਾ ਜੇ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ, ਅਤੇ ਕਿਸੇ ਹੋਰ ਦੇਸ਼ ਤੋਂ ਹੋ। ਤੁਹਾਡੇ ਟਰੱਸਟ ਅਤੇ ਪੈਨਸ਼ਨਾਂ ਕਿਵੇਂ ਪ੍ਰਭਾਵਿਤ ਹੁੰਦੀਆਂ ਹਨ, ਇਹ ਤੁਹਾਡੇ ਵਿਅਕਤੀਗਤ ਹਾਲਾਤ ਉਤੇ ਨਿਰਭਰ ਕਰਦਾ ਹੈ।

ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੇਲੋਅਨਾ ’ਚ ਐਮ.ਐਨ.ਪੀ. ਵਿਖੇ ਕੌਮਾਂਤਰੀ ਟੈਕਸ ਮਾਹਿਰ ਡਗਲਸ ਰੌਸਰ ਦੀ ਇੱਕ ਮੁਵੱਕਿਲ ਇੰਗਲੈਂਡ ਤੋਂ ਆਈ ਸੀ। ਉਸ ਕੋਲ ਇੰਗਲੈਂਡ ਦੀ ਇੱਕਮੁਸ਼ਤ ਪੈਨਸ਼ਨ ਲੈਣ ਦਾ ਵਿਕਲਪ ਹੈ ਪਰ ਉਸ ਨਾਲ ਸਮੱਸਿਆ ਪੈਦਾ ਹੋ ਸਕਦੀ ਹੈ।

ਸ੍ਰੀ ਡਗਲਸ ਨੇ ਦੱਸਿਆ,‘‘ਉਹ ਇਸ ਮਾਮਲੇ ਨੂੰ ਇੰਗਲੈਂਡ ਦੇ ਟੈਕਸ ਪਰਿਪੇਖ ਤੋਂ ਵੇਖ ਰਹੀ ਹੈ, ਜਿੱਥੇ ਪੈਨਸ਼ਨ ਟੈਕਸ-ਮੁਕਤ ਹੈ ਪਰ ਜੇ ਉਹ ਆਪਣੀ ਪੈਨਸ਼ਨ ਇੱਕਮੁਸ਼ਤ ਰੂਪ ਵਿੱਚ ਲੈਂਦੀ ਹੈ, ਤਾਂ ਉਸ ਦੀ ਉਸ ਆਮਦਨ ਉਤੇ ਕੈਨੇਡਾ ਵਿੱਚ 40 ਪ੍ਰਤੀਸ਼ਤ ਟੈਕਸ ਲੱਗ ਜਾਵੇਗਾ।’’

ਸ੍ਰੀ ਡਗਲਸ ਦੀ ਸਲਾਹ ਉਤੇ ਉਹ ਮੁਵੱਕਿਲ ਇੱਕਮੁਸ਼ਤ ਰੂਪ ਵਿੱਚ ਆਪਣੀ ਪੈਨਸ਼ਨ ਨਹੀਂ ਲੈਂਦੀ ਤੇ ਉਸ ਦੀ ਥਾਂ ਉਤੇ ਉਹ ਸਾਲਾਨਾ ਭੁਗਤਾਨ ਪ੍ਰਾਪਤ ਕਰਨਾ ਜਾਰੀ ਰਖਦੀ ਹੈ।

ਨਾਲ ਹੀ, ਜੇ ਤੁਸੀਂ ਕਿਸੇ ਵਿਦੇਸ਼ੀ ਟਰੱਸਟ ਨੂੰ ਆਪਣਾ ਅੰਸ਼ਦਾਨ ਦੇ ਰਹੇ ਹੋ, ਤਾਂ ਉਹ ਟਰੱਸਟ ਕੈਨੇਡਾ ਦਾ ਨਿਵਾਸੀ ਸਮਝਿਆ ਜਾ ਸਕਦਾ ਹੈ ਅਤੇ ਉਸ ਉਤੇ ਟੈਕਸ ਲੱਗ ਸਕਦਾ ਹੈ। ਕਿਨੋਸ਼ਿਤਾ ਨੇ ਇਸ ਬਾਰੇ ਸਮਝਾਇਆ ਕਿ ਵਿਦੇਸ਼ੀ ਟਰੱਸਟ ਉਸ ਹਾਲਤ ਵਿੱਚ ਵੀ ਕੈਨੇਡਾ ’ਚ ਟੈਕਸਯੋਗ ਬਣ ਜਾਂਦਾ ਹੈ, ਜੇ ਤੁਸੀਂ ਇੱਕ ਨਿਵਾਸੀ (ਰੈਜ਼ੀਡੈਂਟ) ਬਣਨ ਤੋਂ ਪਹਿਲਾਂ ਉਸ ਟਰੱਸਟ ਵਿੱਚ ਆਪਣਾ ਅੰਸ਼ਦਾਨ ਕੀਤਾ ਸੀ।

ਇਹ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਕੈਨੇਡੀਅਨ ਰੈਜ਼ੀਡੈਂਟ ਟਰੱਸਟ ਵਜੋਂ ਇੱਕ ਕੈਨੇਡੀਅਨ ਨਿਵਾਸੀ ਵੱਲੋਂ ਅੰਸ਼ਦਾਨ ਕੀਤੀਆਂ ਸੰਪਤੀਆਂ ਦੇ ਕੇਵਲ ਹਿੱਸੇ ਦੇ ਵਿਵਹਾਰ ਦੀ ਚੋਣ ਕਰ ਸਕਦੇ ਹੋ।

ਕਿਨੋਸ਼ਿਤਾ ਨੇ ਦੱਸਿਆ,‘‘ਤੁਸੀਂ ਟਰੱਸਟ ਵੱਲ ਵੇਖਦੇ ਹੋ ਤੇ ਨਿਰਧਾਰਤ ਕਰਦੇ ਹੋ ਕਿ ਕੈਨੇਡੀਅਨ ਨਿਵਾਸੀ ਵੱਲੋਂ ਵਿਦੇਸ਼ੀ ਟਰੱਸਟ ਦਾ ਕਿਹੜਾ ਹਿੱਸਾ ਅੰਸ਼ਦਾਨ ਕੀਤਾ ਗਿਆ ਸੀ। ਇਹ ਵੀ ਸੰਭਾਵਨਾ ਹੈ ਕਿ ਇੱਕ ਕੈਨੇਡੀਅਨ ਨਿਵਾਸੀ ਵੱਲੋਂ ਟਰੱਸਟ ਦਾ ਕੋਈ ਹਿੱਸਾ ਅੰਸ਼ਦਾਨ ਨਹੀਂ ਕੀਤਾ ਗਿਆ, ਇਸ ਲਈ ਜ਼ਰੂਰੀ ਨਹੀਂ ਕਿ ਇਸ ਨੂੰ ਟੈਕਸਯੋਗ ਸਮਝਿਆ ਜਾਵੇ।’’

ਕੈਨੇਡਾ ਆ ਕੇ ਰਹਿਣ ਦੀ ਯੋਜਨਾ ਬਣਾ ਰਿਹਾ ਇੰਗਲੈਂਡ ਦਾ ਕੋਈ ਮੁਵੱਕਿਲ ਅਸਲ ਵਿੱਚ ਸਾਡੇ ਵਿਦੇਸ਼ੀ ਟਰੱਸਟ ਨਿਯਮਾਂ ਤੋਂ ਲਾਭ ਉਠਾ ਸਕਦਾ ਹੈ। ਉਸ ਦਾ ਕਿਸੇ ਹੋਰ ਦੇਸ਼ ਦੇ ਘੱਟ-ਟੈਕਸ ਵਾਲੇ ਅਧਿਕਾਰ ਖੇਤਰ ਵਿੱਚ ਇੱਕ ਪਰਿਵਾਰਕ ਟਰੱਸਟ ਹੈ, ਜਿੱਥੋਂ ਪਹਿਲਾਂ ਪੂੰਜੀ ਮੁਨਾਫ਼ਾ ਹੋਇਆ ਸੀ।

ਕਿਨੋਸ਼ਿਤਾ ਨੇ ਸਪੱਸ਼ਟ ਕੀਤਾ,‘‘ਇੰਗਲੈਂਡ ਦੇ ਨਿਯਮਾਂ ਅਧੀਨ ਇਹ ਜਾਪਦਾ ਹੈ ਕਿ ਕਿਸੇ ਵਿਦੇਸ਼ੀ ਟਰੱਸਟ ਦੇ ਇੰਗਲੈਂਡ ਨਿਵਾਸੀ ਲਾਭਪਾਤਰੀ ਨੂੰ ਉਨ੍ਹਾਂ ਮੁਨਾਫ਼ਿਆਂ ਉਤੇ ਇੰਗਲੈਂਡ ਦਾ ਟੈਕਸ ਅਦਾ ਕਰਨਾ ਪਵੇਗਾ, ਜਦੋਂ ਉਹ ਰਕਮਾਂ ਟਰੱਸਟ ਨੇ ਵੰਡੀਆਂ ਹੋਣ।’’

ਉਨ੍ਹਾਂ ਅੱਗੇ ਦੱਸਿਆ,‘‘ਇੰਝ ਮੁਵੱਕਿਲ ਨੂੰ ਉਦੋਂ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ, ਜਦੋਂ ਤੱਕ ਕਿ ਰਕਮਾਂ ਦੀ ਵੰਡ ਟਰੱਸਟ ਵੱਲੋਂ ਨਾ ਕੀਤੀ ਗਈ ਹੋਵੇ। ਅਤੇ ਜੇ ਉਹ ਮੁਵੱਕਿਲ ਕੈਨੇਡਾ ਦਾ ਨਿਵਾਸੀ ਬਣ ਜਾਂਦਾ ਹੈ, ਤਾਂ ਵਿਚਾਰਨਯੋਗ ਤਰੀਕੇ ਨਾਲ, ਉਨ੍ਹਾਂ ਪੂੰਜੀ ਮੁਨਾਫ਼ਿਆਂ ਉਤੇ ਕੋਈ ਟੈਕਸ ਨਹੀਂ ਲੱਗੇਗਾ।’’

ਅਜਿਹਾ ਇਸ ਲਈ ਹੈ, ਕਿਉਂਕਿ ਸਾਡੇ ਨਿਯਮਾਂ ਅਧੀਨ, ਜਦੋਂ ਟਰੱਸਟ ਇੱਕ ਰੈਜ਼ੀਡੈਂਟ ਟਰੱਸਟ ਬਣ ਜਾਂਦਾ ਹੈ, ਤਾਂ ਉਹ ਪਿਛਲੇ ਪੂੰਜੀ ਮੁਨਾਫ਼ੇ ਕੈਨੇਡੀਅਨ ਟੈਕਸ ਮੰਤਵਾਂ ਲਈ ਟਰੱਸਟ ਦੀ ਪੂੰਜੀ ਬਣ ਜਾਂਦੇ ਹਨ। ਕਿਸੇ ਵੀ ਪਹਿਲੇ ਮੁਨਾਫ਼ੇ ਉਤੇ ਕੈਨੇਡੀਅਨ ਟੈਕਸ ਨਹੀਂ ਲੱਗੇਗਾ।

ਜਿਹੜੇ ਵਿਅਕਤੀਆਂ ਦੀ ਆਪਣੇ ਜੱਦੀ ਦੇਸ਼ਾਂ ਵਿੱਚ ਪਰਿਵਾਰਕ ਦੌਲਤ ਹੈ, ਉਨ੍ਹਾਂ ਲਈ ਟੋਰਾਂਟੋ ਸਥਿਤ ਆਰ.ਬੀ.ਸੀ. ਵੈਲਥ ਮੈਨੇਜਮੈਂਟ (RBC Wealth Management) ਦੇ ਕੌਮਾਂਤਰੀ ਸਮਾਧਾਨਾਂ ਬਾਰੇ ਡਾਇਰੈਕਟਰ ਸਟੀਵ ਹਾਰਡਿੰਗ ਨੇ ਇੱਕ ਇਨਬਾਊਂਡ ਟਰੱਸਟ ਕਾਇਮ ਕੀਤਾ ਹੈ। ਇਸ ਰਾਹੀਂ ਕੈਨੇਡਾ ਦਾ ਇੱਕ ਨਾੱਨ-ਰੈਜ਼ੀਡੈਂਟ ਵਿਅਕਤੀ ਕੋਈ ਤੋਹਫ਼ਾ ਜਾਂ ਵਿਰਾਸਤ ਸਿੱਧਾ ਉਸ ਟਰੱਸਟ ਨੂੰ ਦੇ ਸਕਦਾ ਹੈ, ਜਿਸ ਦਾ ਲਾਭਪਾਤਰੀ ਕੋਈ ਕੈਨੇਡੀਅਨ ਨਿਵਾਸੀ (ਰੈਜ਼ੀਡੈਂਟ) ਹੋ ਸਕਦਾ ਹੈ।

ਹਾਰਡਿੰਗ ਨੇ ਸਮਝਾਇਆ,‘‘ਕੈਨੇਡਾ ਦੇ ਟੈਕਸ ਨਿਯਮ ਇਸ ਟਰੱਸਟ ਦੇ ਅੰਦਰ ਕਮਾਈ ਆਮਦਨ ਤੇ ਮੁਨਾਫ਼ਿਆਂ ਨੂੰ ਟੈਕਸ-ਮੁਕਤ ਆਧਾਰ ਉਤੇ ਇਕੱਠੇ ਕਰਨ ਦੀ ਇਜਾਜ਼ਤ ਦਿੰਦੇ ਹਨ। ਉਨ੍ਹਾਂ ਫ਼ੰਡਾਂ ਤੱਕ ਪਹੁੰਚ ਪੂੰਜੀ ਵੰਡਾਂ ਰਾਹੀਂ ਕੀਤੀ ਜਾਂਦੀ ਹੈ, ਜਿਹੜੇ, ਭਾਵੇਂ ਕੈਨੇਡੀਅਨ ਲਾਭਪਾਤਰੀ ਦੀ ਟੈਕਸ ਰਿਟਰਨ ਉਤੇ ਦਰਜ ਹੁੰਦੇ ਹਨ, ਪਰ ਉਨ੍ਹਾਂ ਉਤੇ ਕੈਨੇਡੀਅਨ ਟੈਕਸ ਕੋਈ ਨਹੀਂ ਲਗਦਾ।’’

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ, ਟਰੱਸਟ ਦੇ ਅੰਦਰ ਹੀ ਆਮਦਨ ਤੇ ਮੁਨਾਫ਼ਿਆਂ ਦੀ ਮੁੜ-ਸਿਰਜਣਾ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਕੈਨੇਡੀਅਨ ਨਿਵਾਸੀ ਲਾਭਪਾਤਰੀਆਂ ਨੂੰ ਅੰਤ ਅਜਿਹੇ ਮੁਨਾਫ਼ੇ, ਪੂੰਜੀ ਵੰਡਾਂ ਵਜੋਂ ਪ੍ਰਾਪਤ ਕਰਨ ਦੀ ਪ੍ਰਵਾਨਗੀ ਮਿਲ ਜਾਂਦੀ ਹੈ।

ਅਤੇ, ਜੇ ਤੁਹਾਨੂੰ ਵਿਦੇਸ਼ ਰਹਿੰਦੇ ਕਿਸੇ ਮ੍ਰਿਤਕ ਰਿਸ਼ਤੇਦਾਰ ਦੀ ਕੋਈ ਸੰਪਤੀ ਮਿਲਦੀ ਹੈ, ਕੈਨੇਡਾ ਵਿੱਚ ਤੁਹਾਡੇ ਉਤੇ ਕੋਈ ਟੈਕਸ ਨਹੀਂ ਲੱਗੇਗਾ ਕਿਉਂਕਿ ਅਧਿਕਾਰ-ਖੇਤਰ ਵਾਲੇ ਦੇਸ਼ ਵਿੱਚ ਉਸ ਜ਼ਮੀਨ-ਜਾਇਦਾਦ ਰਾਹੀਂ ਕੋਈ ਟੈਕਸ ਅਦਾ ਨਹੀਂ ਕੀਤੇ ਗਏ ਹੋਣਗੇ। ਪਰ ਉਸ ਹਾਲਤ ਵਿੱਚ ਤੁਹਾਨੂੰ ਵਿਦੇਸ਼ੀ ਵਟਾਂਦਰੇ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਤੁਸੀਂ ਫ਼ੰਡ ਕਢਵਾ ਲੈਂਦੇ ਹੋ, ਰੌਸਰ ਨੇ ਚੇਤਾਵਨੀ ਦਿੰਦਿਆਂ ਦੱਸਿਆ।

ਤੁਹਾਡਾ ਮੂਲ ਦੇਸ਼ ਕਿਉਂ ਵਿਚਾਰਿਆ ਜਾਂਦਾ ਹੈ

ਕੇਵਲ ਅਮਰੀਕਾ ਤੋਂ ਆਏ ਵਿਅਕਤੀਆਂ ਨੂੰ ਹੀ ਦੋਹਰੀ ਨਾਗਰਿਕਤਾ ਨਾਲ ਵਾਧੂ ਵਿੱਤੀ ਮਾਮਲਿਆਂ ਦਾ ਖ਼ਿਆਲ ਨਹੀਂ ਰੱਖਣਾ ਪੈਂਦਾ।

ਟੋਰਾਂਟੋ ਸਥਿਤ ਗ੍ਰੀਨ ਐਂਡ ਸਪੀਜੈਲ ਐਲ.ਐਲ.ਪੀ. (Green and Spiegel LLP) ਦੇ ਬੈਰਿਸਟਰ ਤੇ ਸਾੱਲਿਸਿਟਰ ਸ਼ੋਸ਼ਾਨਾ ਗ੍ਰੀਨ ਨੇ ਦੱਸਿਆ ਕਿ ਤੁਹਾਨੂੰ ਆਪਣੇ ਵਤਨ ਤੋਂ ਪ੍ਰਾਪਤ ਹੋਣ ਵਾਲੇ ਵਿੱਤੀ ਪ੍ਰੋਤਸਾਹਨ ਗੁਆ ਸਕਦੇ ਹੋ। ਖ਼ਾਸ ਤੌਰ ਉਤੇ ਜਦੋਂ ਤੁਸੀਂ ਕਿਸੇ ਅਜਿਹੇ ਦੇਸ਼ ਤੋਂ ਹੋਵੋ ਜੋ ਦੋਹਰੀ ਨਾਗਰਿਕਤਾ ਦੀ ਕਦਰ ਨਹੀਂ ਪਾਉਂਦਾ, ਜਿਵੇਂ ਜਰਮਨੀ ਤੇ ਜਾਪਾਨ, ਤੁਹਾਨੂੰ ਆਪਣੇ ਦੇਸ਼ ਦੀ ਪੈਨਸ਼ਨ ਗੁਆਉਣੀ ਪੈ ਸਕਦੀ ਹੈ।

ਸੁਜ਼ੈਨ ਸ਼ਰਮਾ