ਆਪਣੀਆਂ ਸੁਪਨੀਲੀਆਂ ਛੁੱਟੀਆਂ ਨੂੰ ਆਰਥਿਕ ਤੌਰ ਉਤੇ ਡਰਾਉਣੀਆਂ ਨਾ ਬਣਨ ਦਿਓ। ਤੁਸੀਂ ਸਦਾ ਬੀਮਾਰ ਹੋਣ ਤੋਂ ਬਚ ਨਹੀਂ ਸਕਦੇ, ਪਰ ਤੁਸੀਂ ਆਪਣੇ ਬਟੂਏ ਉਤੇ ਪੈਣ ਵਾਲੇ ਅਸਰ ਨੂੰ ਤਾਂ ਕੁੱਝ ਸੀਮਤ ਕਰ ਸਕਦੇ ਹੋ।
ਜੇ ਤੁਸੀਂ ਆਪਣੀ ਬੀਮਾ ਕਵਰੇਜ ਦੇ ਵਰਜਨਾਵਾਂ ਤੇ ਸੀਮਾਵਾਂ ਸੈਕਸ਼ਨ ਵਿੱਚ ਫ਼ਾਈਨ-ਪ੍ਰਿੰਟ ਨੂੰ ਪੜ੍ਹਿਆ ਨਹੀਂ ਹੈ, ਤਦ ਤੁਹਾਨੂੰ ਕੋਈ ਅਣਸੁਖਾਵੀਂ ਹੈਰਾਨੀ ਵੀ ਹੋ ਸਕਦੀ ਹੈ।
ਅਲ ਜੀ. ਬਰਾਊਨ ਐਂਡ ਐਸੋਸੀਏਟਸ ਦੇ ਪਾਰਟਨਰ ਡੇਵਿਡ ਬਰਾਊਨ ਇਹ ਵਿਆਖਿਆ ਕਰਦੇ ਹਨ ਕਿ ਕੀ ਗ਼ਲਤ ਹੋ ਸਕਦਾ ਹੈ ਅਤੇ ਉਸ ਤੋਂ ਬਚਣਾ ਕਿਵੇਂ ਹੈ:
ਸਾਡਾ ਇੱਕ ਮੁਵੱਕਿਲ ਡਾਇਲਾਇਸਿਸ ਉਤੇ ਸੀ ਅਤੇ ਉਸ ਨੇ ਆਪਣੀ ਬੀਮਾਕਾਰ ਕੰਪਨੀ ਤੋਂ ਫ਼ਲੋਰਿਡਾ ਦੀ ਯਾਤਰਾ ਕਰਨ ਦੀ ਪ੍ਰਵਾਨਗੀ ਹਾਸਲ ਕਰ ਲਈ ਸੀ। ਉਥੇ ਉਹ ਵੱਡੀ ਆਂਦਰ ਦੀ ਸੋਜ਼ਿਸ਼ ਦਾ ਸ਼ਿਕਾਰ ਹੋ ਗਿਆ, ਜਿਸ ਦਾ ਕਿ ਉਸ ਦੇ ਗੁਰਦਾ ਫ਼ੇਲ ਹੋਣ ਨਾਲ ਕੋਈ ਸਬੰਧ ਨਹੀਂ ਸੀ।
ਫ਼ਲੋਰਿਡਾ ਵਿੱਚ ਉਸ ਦਾ ਹੰਗਾਮੀ ਹਾਲਾਤ ਵਿੱਚ ਆੱਪਰੇਸ਼ਨ ਕਰਨਾ ਪਿਆ ਅਤੇ ਉਥੇ ਉਸ ਨੂੰ ਆਪਣੀ ਬੀਮਾਰੀ ਕਾਰਣ ਕਈ ਹਫ਼ਤੇ ਕੱਟਣੇ ਪਏ। ਉਸ ਨੂੰ ਹਵਾਈ ਐਂਬੂਲੈਂਸ ਰਾਹੀਂ ਵਾਪਸ ਲਿਆਂਦਾ ਗਿਆ। ਹਾਲਤ ਸਥਿਰ ਹੋਣ ’ਤੇ, ਉਹ ਟੋਰਾਂਟੋ ਦੇ ਮੁੜ-ਵਸੇਬਾ (ਰੀਹੈਬਿਲੀਟੇਸ਼ਨ) ਹਸਪਤਾਲ ਗਿਆ।
ਕਲੇਮ 250,000 ਡਾਲਰ ਤੋਂ ਵੱਧ ਦਾ ਸੀ ਅਤੇ ਜੋ ਕਿ ਉਸ ਦੀਆਂ ਰਿਟਾਇਰਮੈਂਟ ਬੱਚਤਾਂ ਦਾ ਵੱਡਾ ਹਿੱਸਾ ਖ਼ਤਮ ਕਰ ਸਕਦਾ ਸੀ। ਪਰ ਕਿਉਂਕਿ ਉਸ ਦੀ ਰਵਾਨਗੀ ਤੋਂ ਪਹਿਲਾਂ ਉਸ ਦਾ ਯਾਤਰਾ ਬੀਮਾ ਵਾਜਬ ਤਰੀਕੇ ਲਿਖਿਆ ਗਿਆ ਸੀ, ਇਸੇ ਲਈ ਬੀਮਾਕਾਰ ਕੰਪਨੀ ਨੇ ਉਸ ਦਾ ਸਾਰਾ ਕਲੇਮ ਅਦਾ ਕੀਤਾ।
ਮੰਦੇਭਾਗੀਂ, ਬਹੁਤੇ ਯਾਤਰੀ ਆਪਣੀ ਸਿਹਤ-ਸੰਭਾਲ ਦੇ ਐਮਰਜੈਂਸੀ ਵਿਕਲਪਾਂ ਬਾਰੇ ਵਿਚਾਰ ਹੀ ਨਹੀਂ ਕਰਦੇ। ਕੁੱਝ ਲੋਕ ਕੇਵਲ ਟਰੈਵਲ ਏਜੰਟਸ ਰਾਹੀਂ ਬੀਮਾ ਲਈ ਅਰਜ਼ੀ ਦੇ ਛਡਦੇ ਹਨ। ਬਾਕੀ ਦੇ ਕ੍ਰੈਡਿਟ ਕਾਰਡ ਦੀ ਕਵਰੇਜ ਦੇ ਭਰੋਸੇ ਰਹਿੰਦੇ ਹਨ।
ਯਾਤਰਾ ਬੀਮਾ ਸਬੰਧੀ ਮੁਸੀਬਤਾਂ
ਯਾਤਰਾ ਬੀਮਾ ਬਲੈਂਕਟ (ਵਿਆਪਕ) ਕਵਰੇਜ ਪ੍ਰਦਾਨ ਕਰਦਾ ਹੈ, ਇਸੇ ਲਈ ਬਹੁਤੇ ਮਾਮਲਿਆਂ ਵਿੱਚ ਕੋਈ ਵਾਸਤਵਿਕ ਰਸਮੀ ਲਿਖਤ-ਪੜ੍ਹਤ ਨਹੀਂ ਕੀਤੀ ਜਾਂਦੀ। ਫਿਰ ਜਦੋਂ ਕੋਈ ਕਲੇਮ ਕੀਤਾ ਜਾਂਦਾ ਹੈ, ਫਿਰ ਬੀਮਾ ਕੰਪਨੀ ਪਾਲਿਸੀ ਧਾਰਕ ਨੂੰ ਕਾਨੂੰਨੀ ਪ੍ਰਕਿਰਿਆ ਦੇ ਹਿੱਸੇ ਵਜੋਂ ਪ੍ਰਸ਼ਨ ਪੁੱਛਦੀ ਹੈ।
ਇਸ ਪ੍ਰਕਿਰਿਆ ਦੌਰਾਨ, ਉਹ ਇਹ ਪਤਾ ਕਰਦੇ ਹਨ ਕਿ ਕੀ ਵਿਅਕਤੀ ਪਾਲਿਸੀ ਦੀਆਂ ਕਿਸੇ ਵਰਜਨਾਵਾਂ ਜਾਂ ਸੀਮਾਵਾਂ ਅਧੀਨ ਆਉਂਦਾ ਹੈ ਜਾਂ ਨਹੀਂ। ਜੇ ਅਜਿਹਾ ਕੋਈ ਮਾਮਲਾ ਹੁੰਦਾ ਹੈ, ਤਾਂ ਬੀਮਾ ਕਦੇ ਵੀ ਉਨ੍ਹਾਂ ਨੂੰ ਕਵਰ ਨਹੀਂ ਕਰੇਗਾ ਅਤੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ।
ਇਸ ਮਾਮਲੇ ਦੀ ਭੈੜੀ ਗੱਲ ਇਹ ਹੈ ਕਿ ਪਰਿਭਾਸ਼ਾਵਾਂ ਮਿਆਰੀ ਨਹੀਂ ਹੁੰਦੀਆਂ। ਆਮ ਤੌਰ ਉਤੇ, ਜੇ ਇਲਾਜ ਚੱਲ ਹੀ ਰਿਹਾ ਹੈ, ਤਾਂ ਪਹਿਲਾਂ ਤੋਂ ਮੌਜੂਦ ਸਥਿਤੀ ਕਵਰ ਨਹੀਂ ਕੀਤੀ ਜਾਵੇਗੀ। ਖ਼ੁਸ਼ਕਿਸਮਤੀ ਨਾਲ, ਕੁੱਝ ਕੰਟਰੈਕਟਸ ਪੂਰਵ-ਮੌਜੂਦਾ ਸਥਿਤੀਆਂ ਕਵਰ ਕਰਦੇ ਹਨ, ਪਰ ਅਜਿਹੇ ਕੰਟਰੈਕਟਸ ਮਹਿੰਗੇ ਹੋ ਸਕਦੇ ਹਨ।
ਸਥਿਰਤਾ ਇੱਕ ਹੋਰ ਮੁੱਦਾ ਹੈ। ਕੁੱਝ ਕੰਟਰੈਕਟਸ ਆਖਦੇ ਹਨ ਕਿ ਉਹ ਉਹ ਪੂਰਵ-ਮੌਜੂਦਾ ਸਥਿਤੀ ਨੂੰ ਕਵਰ ਕਰਨਗੇ, ਜੇ ਹਾਲਾਤ 90 ਦਿਨਾਂ ਜਾਂ ਲੰਮੇ ਸਮੇਂ ਤੱਕ ਲਈ ਸਥਿਰ ਰਹਿੰਦੇ ਹਨ।
ਇਸੇ ਲਈ, ਜੇ ਤੁਸੀਂ ਦਿਲ ਦੇ ਕਿਸੇ ਰੋਗ ਲਈ ਕੋਈ ਇੱਕੋ ਦਵਾਈ, ਬਿਨਾਂ ਕਿਸੇ ਐਡਜਸਟਮੈਂਟਸ ਦੇ, ਕਈ ਸਾਲਾਂ ਤੋਂ ਲੈਂਦੇ ਆ ਰਹੇ ਹੋ, ਤਾਂ ਅਜਿਹਾ ਦਿਲ ਦਾ ਰੋਗ ਕਵਰੇਜ ਦੀ ਸਥਿਤੀ ਵਿੱਚ ਆ ਸਕਦਾ ਹੈ। ਪਰ ਜੇ ਤੁਸੀਂ ਯਾਤਰਾ ਤੋਂ 90 ਦਿਨ ਪਹਿਲਾਂ ਤੱਕ ਦੇ ਸਮੇਂ ਦੌਰਾਨ ਦਵਾਈ ਬਦਲੀ ਹੈ ਅਤੇ ਛੁੱਟੀਆਂ ਦੌਰਾਨ ਦਿਲ ਦਾ ਕੋਈ ਦੌਰਾ ਪਿਆ ਹੈ, ਤਾਂ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ।
ਕੀ ਵੇਖਣਾ ਹੈ
ਅਰਜ਼ੀ ਦੇ ਸਮੇਂ ਬਿਹਤਰੀਨ ਉਤਪਾਦ ਬੀਮਾ ਲਈ ਲਿਖੇ ਜਾਂਦੇ ਹਨ। ਇਨ੍ਹਾਂ ਵਿਚੋਂ ਕੁੱਝ ਯੋਜਨਾਵਾਂ ਇੱਕ ਸਾਲ ਲਈ ਪੂਰਵ-ਮੌਜੂਦਾ ਸਥਿਤੀਆਂ ਨੂੰ ਕਵਰ ਕਰਦੀਆਂ ਹਨ। ਜੇ ਪਾਲਿਸੀ ਜਾਰੀ ਹੋਣ ਤੋਂ ਬਾਅਦ ਕੋਈ ਨਵੀਂ ਸਥਿਤੀ ਪੈਦਾ ਹੁੰਦੀ ਹੈ, ਤਦ ਤੁਹਾਨੂੰ ਉਦੋਂ ਤੱਕ ਹੀ ਕਵਰ ਕੀਤਾ ਜਾਵੇਗਾ, ਜਦੋਂ ਤੁਹਾਡੇ ਸਾਰੇ ਦਸਤਾਵੇਜ਼ ਵਾਜਬ ਤਰੀਕੇ ਮੁਕੰਮਲ ਹੋਣਗੇ ਅਤੇ ਤੁਹਾਡੇ ਡਾਕਟਰ ਨੇ ਲਿਖਤੀ ਤੌਰ ਉਤੇ ਇਹ ਸਲਾਹ ਦਿੱਤੀ ਹੋਵੇਗੀ ਕਿ ਤੁਸੀਂ ਯਾਤਰਾ ਕਰਨ ਦੇ ਯੋਗ ਹੋ।
ਨਵੀਨੀਕਰਣ ਦੇ ਸਮੇਂ, ਪਾਲਿਸੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸੰਭਾਵੀ ਤੌਰ ਉਤੇ ਉਸ ਦੀ ਕੀਮਤ ਵੀ ਤਬਦੀਲ ਹੋਵੇਗੀ।
ਜੇ ਤੁਹਾਡੀਆਂ ਕੋਈ ਵਰਤਮਾਨ ਸਥਿਤੀਆਂ ਨਹੀਂ ਹਨ, ਤਾਂ ਕੰਟਰੈਕਟ ਤੁਰੰਤ ਜਾਰੀ ਕਰ ਦਿੱਤਾ ਜਾਂਦਾ ਹੈ। ਜੇ ਤੁਹਾਡੀਆਂ ਕੋਈ ਪੂਰਵ-ਮੌਜੂਦਾ ਸਥਿਤੀਆਂ ਹਨ, ਤਾਂ ਬਹੁਤੇ ਮਾਮਲਿਆਂ ਵਿੱਚ, ਉਸ ਸਥਿਤੀ ਨੂੰ ਕਵਰ ਕਰਨ ਲਈ ਪ੍ਰੀਮੀਅਮ ਵਧਾ ਦਿੱਤਾ ਜਾਵੇਗਾ।
ਇੱਥੇ ਕੁੱਝ ਨਵੇਂ ਕੰਟਰੈਕਟਸ ਵੀ ਹਨ, ਜੋ 55 ਤੋਂ 85 ਸਾਲ ਤੱਕ ਦੀ ਉਮਰ ਦੇ ਲੋਕਾਂ ਦਾ ਬੀਮਾ ਕਰਦੇ ਹਨ ਅਤੇ 85 ਸਾਲ ਤੋਂ ਵੱਧ ਦੇ ਵਿਅਕਤੀਆਂ ਲਈ ਵਿਸ਼ੇਸ਼ ਕੀਮਤ ਤੈਅ ਹੁੰਦੀ ਹੈ।
ਕੰਟਰੈਕਟਸ ਇੱਕ ਸਾਲ ਲਈ ਉਪਲਬਧ ਹੁੰਦੇ ਹਨ ਅਤੇ 30, 60, 90 ਜਾਂ 120 ਦਿਨਾਂ ਦੀਆਂ ਯਾਤਰਾਵਾਂ ਨੂੰ ਕਵਰ ਕਰਦੇ ਹਨ। (ਜੇ ਤੁਸੀਂ ਥੋੜ੍ਹੇ ਸਮੇਂ ਦੀਆਂ ਯਾਤਰਾਵਾਂ ਉਤੇ ਜਾ ਰਹੇ ਹੋ, ਤਾਂ ਤੁਸੀਂ 30 ਦਿਨਾਂ ਦੀ ਮਿਆਦ ਚੁਣ ਸਕਦੇ ਹੋ)। ਸਾਲ ਖ਼ਤਮ ਹੋਣ ਤੋਂ ਬਾਅਦ, ਤੁਸੀਂ ਅਗਲੇ ਸਾਲ ਲਈ ਉਸ ਦੀ ਕਵਰੇਜ ਨਵਿਆਉਣ ਲਈ ਅਰਜ਼ੀ ਦੇਵੋਗੇ। ਤੁਸੀਂ ਉਸ ਵੇਲੇ ਆਪਣੀ ਯਾਤਰਾ ਦੇ ਸਮੇਂ ਦੀ ਮਿਆਦ ਵਿੱਚ ਤਬਦੀਲੀ ਕਰ ਸਕਦੇ ਹੋ।
ਤੁਹਾਨੂੰ ਅਜਿਹੇ ਪ੍ਰਸ਼ਨਾਂ ਦੇ ਉਤਰ ਦੇਣ ਲਈ ਕਿਹਾ ਜਾਵੇਗਾ, ਜਿਵੇਂ ਕਿ:
1) ਤੁਹਾਡੇ ਵੱਲੋਂ ਲਈਆਂ ਜਾਣ ਵਾਲੀਆਂ ਦਵਾਈਆਂ ਦੀ ਗਿਣਤੀ, ਅਤੇ ਉਹ ਕਿਹੜੀਆਂ ਮੈਡੀਕਲ ਸਥਿਤੀਆਂ ਵਾਸਤੇ ਲਈਆਂ ਜਾ ਰਹੀਆਂ ਹਨ;
2) ਕੀ ਪਿਛਲੇ 24 ਮਹੀਨਿਆਂ ਦੌਰਾਨ ਤੁਹਾਨੂੰ ਦਿਲ ਦਾ ਕੋਈ ਦੌਰਾ, ਸਟਰੋਕ ਅਤੇ/ਜਾਂ ਥੋੜ੍ਹੇ ਸਮੇਂ ਲਈ ਕੋਈ ‘ਇਸਕੈਮਿਕ’ (ਸਰੀਰ ਦੇ ਕਿਸੇ ਅੰਗ ਵਿੱਚ ਖ਼ੂਨ ਦੀ ਸਪਲਾਈ ਦਾ ਰੁਕ ਜਾਣਾ) ਹਮਲੇ ਜਿਹੀ ਕੋਈ ਸਮੱਸਿਆ ਪੈਦਾ ਹੋਈ ਸੀ;
3) ਉਨ੍ਹਾਂ ਮੈਡੀਕਲ ਸਥਿਤੀਆਂ ਦੀ ਗਿਣਤੀ, ਜਿਨ੍ਹਾਂ ਲਈ ਤੁਸੀਂ ਇਲਾਜ ਕਰਵਾ ਰਹੇ ਹੋ; ਅਤੇ
4) ਕੀ ਤੁਹਾਨੂੰ ਕੋਈ ਹੋਰ ਮੈਡੀਕਲ ਸਥਿਤੀਆਂ ਡਾਇਓਗਨੋਜ਼ ਹੋਈਆਂ ਹਨ।
ਚੇਤੇ ਰੱਖੋ ਕਿ ਲਿਖਤੀ ਕੰਟਰੈਕਟਸ ਜ਼ਰੂਰ ਹੀ ਲਾਇਸੈਂਸ-ਪ੍ਰਾਪਤ ਸਲਾਹਕਾਰਾਂ ਦੁਆਰਾ ਹੀ ਵੇਚੇ ਗਏ ਹੋਣੇ ਚਾਹੀਦੇ ਹਨ ਅਤੇ ਤੁਸੀਂ ਏਜੰਟ ਦੀ ਦੇਣਦਾਰੀ ਕਵਰੇਜ ਰਾਹੀਂ ਸੁਰੱਖਿਅਤ ਹੋ ਸਕਦੇ ਹੋ।
ਇਹ ਨਵੇਂ ਲਿਖਤੀ ਯਾਤਰਾ ਬੀਮਾ ਉਤਪਾਦ; ਜੀਵਨ, ਸਮੂਹ, ਸੰਪਤੀ ਤੇ ਹੰਗਾਮੀ ਹਾਲਾਤ ਦਾ ਬੀਮਾ ਦੇ ਬਿਹਤਰੀਨ ਪੱਖਾਂ ਨੂੰ ਆਪਸ ਵਿੱਚ ਜੋੜਦੇ ਹਨ। ਉਹ ਟਰੈਵਲ ਏਜੰਟ ਜਾਂ ਕ੍ਰੈਡਿਟ ਕਾਰਡ ਪਾਲਿਸੀਜ਼ ਤੋਂ ਵੱਧ ਮਹਿੰਗੇ ਹੋ ਸਕਦੇ ਹਨ, ਪਰ ਉਹ ਤੁਹਾਡੇ ਲਈ ਵਧੀਆ ਚੋਣ ਹੋ ਸਕਦੇ ਹਨ।