ਇੱਕ ਆਰ.ਆਰ.ਐਸ.ਪੀ. (RRSP) ਕੀ ਹੈ?

September 23, 2013 | Last updated on September 23, 2013
1 min read

ਇੱਕ ‘ਰਜਿਸਟਰਡ ਸੇਵਾ-ਮੁਕਤੀ ਬੱਚਤ ਯੋਜਨਾ’ (ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨ) ਉਹ ਖਾਤਾ ਹੈ, ਜੋ ਤੁਹਾਨੂੰ ਉਸ ਸਮੇਂ ਤੋਂ ਬਾਅਦ ਲਈ ਧਨ ਦੀ ਬੱਚਤ ਕਰਨ ਵਿੱਚ ਮਦਦ ਕਰਦਾ ਹੈ, ਜਦੋਂ ਤੁਸੀਂ ਪੱਕੇ ਤੌਰ ਉਤੇ ਕੰਮ ਕਰਨਾ ਬੰਦ ਕਰ ਦਿੰਦੇ ਹੋ। ਤੁਹਾਨੂੰ ਬੱਚਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ, ਇਸ ਯੋਜਨਾ ਦੇ ਤਿੰਨ ਲਾਭ ਹਨ:

1. ਤੁਸੀਂ ਆਪਣੀ ਟੈਕਸ-ਯੋਗ ਆਮਦਨ ਤੁਰੰਤ ਘਟਾ ਸਕਦੇ ਹੋ

2. ਤੁਸੀਂ ਇਸ ਯੋਜਨਾ ਅਧੀਨ ਸੇਵਾ-ਮੁਕਤੀ (ਰਿਟਾਇਰਮੈਂਟ) ਦੇ ਸਮੇਂ ਦੀ ਬੱਚਤ ਵਿੱਚ ਵਾਧਾ ਕਰ ਸਕਦੇ ਹੋ

3. ਤੁਸੀਂ ਹੁਣ ਦੀ ਥਾਂ ਬਾਅਦ ’ਚ ਟੈਕਸ ਅਦਾ ਕਰ ਸਕਦੇ ਹੋ

1. ਆਪਣੀ ਟੈਕਸ-ਯੋਗ ਆਮਦਨ ਤੁਰੰਤ ਘਟਾਓ

ਹਰ ਸਾਲ ਜਦੋਂ ਤੁਸੀਂ ਆਪਣਾ ਆਮਦਨ ਟੈਕਸ ਭਰਦੇ ਹੋ, ਤਦ ਤੁਸੀਂ ਆਰ.ਆਰ.ਐਸ.ਪੀ. ਵਿੱਚ ਪਾਈ ਜਾਣ ਵਾਲੀ ਆਪਣੀ ਰਕਮ ਲਈ ਕਟੌਤੀ ਦਾ ਦਾਅਵਾ ਪੇਸ਼ ਕਰ ਸਕਦੇ ਹੋ। ਇੱਕ ਕਟੌਤੀ ਤੁਹਾਡੀ ਆਮਦਨ ਘਟਾਉਂਦੀ ਹੈ, ਇਸੇ ਲਈ ਉਸ ਵਰ੍ਹੇ ਘੱਟ ਟੈਕਸ ਅਦਾ ਕਰੋ (‘‘ਟੈਕਸ ਦਰਾਂ’’ ਹੇਠਾਂ ਵੇਖੋ)

2. ਯੋਜਨਾ ਅਧੀਨ ਸੇਵਾ-ਮੁਕਤੀ ਸਮੇਂ ਦੀਆਂ ਟੈਕਸ-ਮੁਕਤ ਬੱਚਤਾਂ ਵਧਾਓ

ਤੁਸੀਂ ਆਰ.ਆਰ.ਐਸ.ਪੀ. ਅਧੀਨ ਜੀ.ਆਈਸੀਜ਼, ਬਾਂਡਜ਼, ਸਟਾੱਕਸ, ਮਿਊਚੁਅਲ ਫ਼ੰਡਜ਼ ਤੇ ਹੋਰ ਨਿਵੇਸ਼ਾਂ ਵਿੱਚ ਆਪਣਾ ਧਨ ਲਾ ਸਕਦੇ ਹੋ। ਜਦੋਂ ਤੱਕ ਤੁਸੀਂ ਇਸ ਯੋਜਨਾ ’ਚੋਂ ਆਪਣਾ ਧਨ ਕੱਢ ਨਹੀਂ ਲੈਂਦੇ, ਤਦ ਤੱਕ ਇਸ ਅਧੀਨ ਤੁਹਾਡਾ ਧਨ ਟੈਕਸ-ਮੁਕਤ ਵਧਦਾ ਹੈ, ਇਸ ਤਰ੍ਹਾਂ ਤੁਹਾਨੂੰ ਇਸ ਯੋਜਨਾ ਅਧੀਨ ਹੋਣ ਵਾਲੀ ਕਿਸੇ ਵੀ ਬੱਚਤ ਜਾਂ ਕਿਸੇ ਵੀ ਮੁਨਾਫ਼ੇ ਉਤੇ ਕੋਈ ਟੈਕਸ ਅਦਾ ਨਹੀਂ ਕਰਨਾ ਪੈਂਦਾ। ਉਂਝ ਜੇ ਤੁਸੀਂ ਇਸ ਯੋਜਨਾ ਅਧੀਨ ਨਿਵੇਸ਼ ਖ਼ਰੀਦਦੇ ਤੇ ਵੇਚਦੇ ਹੋ, ਫਿਰ ਵੀ ਟਰੇਡਿੰਗ ਫ਼ੀਸ ਤੇ ਪ੍ਰਬੰਧਕੀ ਖ਼ਰਚਿਆਂ ਜਿਹੀਆਂ ਲਾਗਤਾਂ ਕਾਇਮ ਰਹਿੰਦੀਆਂ ਹਨ। ਤੁਸੀਂ ਜਿਹੜੀ ਫ਼ੀਸ ਅਦਾ ਕਰਦੇ ਹੋ, ਉਹ ਨਿਵੇਸ਼ ਉਤੇ ਨਿਰਭਰ ਕਰਦੀ ਹੈ।

3. ਟੈਕਸ ਬਾਅਦ ’ਚ ਅਦਾ ਕਰੋ

ਤੁਸੀਂ ਉਦੋਂ ਤੱਕ ਆਪਣੇ ਮੁਨਾਫ਼ਿਆਂ ਉਤੇ ਕੋਈ ਟੈਕਸ ਅਦਾ ਨਹੀਂ ਕਰਦੇ, ਜਦੋਂ ਤੱਕ ਤੁਸੀਂ ਇਸ ਯੋਜਨਾ ਅਧੀਨ ਹੋ। ਇਸ ਨੂੰ ‘ਟੈਕਸ ਡੈਫ਼ਰਲ’ (ਟੈਕਸ ਮੁਲਤਵੀ ਕਰਨਾ) ਆਖਦੇ ਹਨ। ਆਪਣੇ ਨਿਵੇਸ਼ਾਂ ਉਤੇ ਹੁਣ ਟੈਕਸ ਅਦਾ ਕਰਨ ਦੀ ਥਾਂ, ਤੁਸੀਂ ਆਪਣੀ ਰਿਟਾਇਰਮੈਂਟ (ਜਦੋਂ ਕੰਮ ਕਰਨਾ ਪੱਕੇ ਤੌਰ ਉਤੇ ਬੰਦ ਕਰ ਦਿੰਦੇ ਹੋ) ਸਮੇਂ ਟੈਕਸ ਅਦਾ ਕਰਦੇ ਹੋ। ਆਪਣੇ ਜੀਵਨ ਦੇ ਉਸ ਮੁਕਾਮ ਉਤੇ, ਹੋ ਸਕਦਾ ਹੈ ਕਿ ਤੁਹਾਡੀ ਆਮਦਨ ਘੱਟ ਹੋਵੇ, ਇਸ ਲਈ ਤੁਹਾਡੀ ਟੈਕਸ ਦਰ ਵੀ ਘੱਟ ਹੋਵੇਗੀ।

ਕੀ ਮੈਂ ਇੱਕ ‘ਆਰ.ਆਰ.ਐਸ.ਪੀ.’ ਖੋਲ੍ਹ ਸਕਦਾ/ਸਕਦੀ ਹਾਂ?

ਤੁਸੀਂ ਇੱਕ ਆਰ.ਆਰ.ਐਸ.ਪੀ. ਖੋਲ੍ਹ ਸਕਦੇ ਹੋ, ਜੇ ਤੁਹਾਡੀ ਆਮਦਨ ਹੈ ਤੇ ਹਰ ਸਾਲ ਟੈਕਸ ਰਿਟਰਨ ਭਰਦੇ ਹੋ।

ਮੈਂ ਇੱਕ ਆਰ.ਆਰ.ਐਸ.ਪੀ. ਕਿਵੇਂ ਖੋਲ੍ਹਾਂ?

ਵਿਭਿੰਨ ਬੈਂਕਾਂ, ਕ੍ਰੈਡਿਟ ਯੂਨੀਅਨਜ਼ ਤੇ ਹੋਰ ਵਿੱਤੀ ਕੰਪਨੀਆਂ ਤੋਂ ਆਰ.ਆਰ.ਐਸ.ਪੀਜ਼ ਲਈ ਨਿਵੇਸ਼ ਦੇ ਵਿਕਲਪਾਂ ਤੇ ਫ਼ੀਸ ਦੀ ਤੁਲਨਾ ਕਰੋ। ਫਿਰ ਆਪਣੇ ਚੁਣੇ ਹੋਏ ਬੈਂਕ ਜਾਂ ਕੰਪਨੀ ਕੋਲ ਜਾਓ ਅਤੇ ਇੱਕ ਆਰ.ਆਰ.ਐਸ.ਪੀ. ਖਾਤਾ ਖੋਲ੍ਹਣ ਲਈ ਕਹੋ। ਤੁਸੀਂ ਬਿਨਾਂ ਕਿਸੇ ਖ਼ਰਚੇ ਦੇ ਇੱਕ ਖਾਤਾ ਖੋਲ੍ਹ ਸਕਦੇ ਹੋ ਅਤੇ ਤੁਸੀਂ ਇਹ ਆੱਨਲਾਈਨ ਵੀ ਖੋਲ੍ਹਣ ਦੇ ਯੋਗ ਹੋ ਸਕਦੇ ਹੋ।

ਸ਼ਨਾਖ਼ਤ ਲਈ ਤੁਹਾਡੇ ਕੋਲ ਦੋ ਦਸਤਾਵੇਜ਼ ਹੋਣੇ ਜ਼ਰੂਰੀ ਹੈ। ਉਨ੍ਹਾਂ ਵਿਚੋਂ ਇੱਕ ਜ਼ਰੂਰ ਹੀ ਸਰਕਾਰੀ ਦਸਤਾਵੇਜ਼ ਹੋਣਾ ਚਾਹੀਦਾ ਹੈ, ਜਿਵੇਂ ਕਿ ਇੱਕ ਪਾਸਪੋਰਟ। ਖਾਤਾ ਖੋਲ੍ਹਣ ਲਈ, ਤੁਹਾਨੂੰ ਆਮ ਤੌਰ ਉਤੇ ਕੁੱਝ ਧਨ ਜਮ੍ਹਾ ਕਰਵਾਉਣਾ ਪੈਂਦਾ ਹੈ।

ਤੁਸੀਂ ਆਪਣੇ-ਆਪ ਲਈ ਜਾਂ ਆਪਣੇ ਜੀਵਨ-ਸਾਥੀ ਜਾਂ ਕਾਨੂੰਨੀ (ਕਾੱਮਨ-ਲਾੱਅ) ਪਾਰਟਨਰ ਲਈ ਇੱਕ ਪਲੈਨ ਖੋਲ੍ਹ ਸਕਦੇ ਹੋ।

ਮੈਨੂੰ ਕਿਹੜੇ ਵੇਰਵੇ ਜਾਣਨ ਦੀ ਜ਼ਰੂਰਤ ਹੈ?

ਤੁਸੀਂ ਹਰ ਸਾਲ ਇਸ ਪਲੈਨ ਵਿੱਚ ਇਹ ਵੱਧ ਤੋਂ ਵੱਧ ਰਕਮ ਰੱਖ ਸਕਦੇ ਹੋ:

  • ਪਿਛਲੇ ਸਾਲ ਲਈ ਤੁਹਾਡੀ ਕਮਾਈ ਆਮਦਨ ਦਾ 18 ਪ੍ਰਤੀਸ਼ਤ, ਜਾਂ
  • ਹਰੇਕ ਟੈਕਸ-ਵਰ੍ਹੇ ਲਈ ਇੱਕ ਨਿਸ਼ਚਤ ਰਕਮ (2015 ਵਿੱਚ 24,390 ਡਾਲਰ), ਜੋ ਵੀ ਘੱਟ ਹੋਵੇ।

ਤੁਹਾਡੀ ਵੱਧ ਤੋਂ ਵੱਧ ਰਕਮ ਘੱਟ ਹੁੰਦੀ ਹੈ, ਜੇ ਤੁਹਾਡੇ ਕੰਮ ਵਾਲੇ ਸਥਾਨ ਉਤੇ ਤੁਹਾਡੀ ਪੈਨਸ਼ਨ ਯੋਜਨਾ ਹੈ।

ਜੇ ਤੁਸੀਂ ਆਪਣੀ ਵੱਧ ਤੋਂ ਵੱਧ ਰਕਮ ਜਮ੍ਹਾ ਨਹੀਂ ਕਰਵਾਉਂਦੇ, ਤਾਂ ਅਣਵਰਤਿਆ ਹਿੱਸਾ ਅਗਲੇ ਸਾਲ ਲਈ ਤੁਹਾਡੀ ਵੱਧ ਤੋਂ ਵੱਧ ਰਕਮ ਵਿੱਚ ਜੋੜ ਦਿੱਤਾ ਜਾਂਦਾ ਹੈ।

ਤੁਹਾਨੂੰ ਜ਼ਰੂਰ ਹੀ ਇੱਕ ਦੰਡਾਤਮਕ (ਪੈਨਲਟੀ) ਟੈਕਸ ਅਦਾ ਕਰਨਾ ਹੋਵੇਗਾ, ਜੇ ਤੁਸੀਂ ਆਪਣੀ ਵੱਧ ਤੋਂ ਵੱਧ ਰਕਮ ਤੋਂ 2,000 ਡਾਲਰ ਤੋਂ ਜ਼ਿਆਦਾ ਰਕਮ ਜਮ੍ਹਾ ਕਰਵਾਉਂਦੇ ਹੋ। ਵਾਧੂ ਰਕਮ ਉਤੇ ਟੈਕਸ 1 ਪ੍ਰਤੀਸ਼ਤ ਪ੍ਰਤੀ ਮਹੀਨਾ ਹੁੰਦਾ ਹੈ।

ਇਸ ਯੋਜਨਾ ਵਿੱਚ ਧਨ ਰੱਖਣ ਲਈ ਡੈਡਲਾਈਨ ਸਾਲ ਖ਼ਤਮ ਹੋਣ ਤੋਂ ਬਾਅਦ 60 ਦਿਨ ਹੁੰਦੀ ਹੈ, ਜੋ ਕਿ ਆਮ ਤੌਰ ਉਤੇ 1 ਮਾਰਚ ਹੁੰਦੀ ਹੈ। ਹਰ ਮਹੀਨੇ ਇਸ ਯੋਜਨਾ (ਪਲੈਨ) ਵਿੱਚ ਕੁੱਝ ਰਕਮ ਰੱਖਣ ਦਾ ਜਤਨ ਕਰੋ। ਡੈਡਲਾਈਨ ਉਤੇ ਬਹੁਤ ਸਾਰੀ ਰਕਮ ਜਮ੍ਹਾ ਕਰਵਾਉਣ ਨਾਲੋਂ ਹਰ ਮਹੀਨੇ ਥੋੜ੍ਹੀ-ਥੋੜ੍ਹੀ ਰਕਮ ਜਮ੍ਹਾ ਕਰਵਾਉਣੀ ਸੁਖਾਲੀ ਹੁੰਦੀ ਹੈ।

ਮੈਂ ਕਿੰਨਾ ਸਮਾਂ ਬੱਚਤ ਕਰ ਸਕਦਾ/ਸਕਦੀ ਹਾਂ?

ਆਪਣੀ ਯੋਜਨਾ ਵਿੱਚ ਧਨ ਰੱਖਣ ਅਤੇ ਖਾਤਾ ਬੰਦ ਕਰਨ ਦਾ ਆਖ਼ਰੀ ਦਿਨ ਉਸ ਸਾਲ ਦੀ 31 ਦਸੰਬਰ ਹੁੰਦੀ ਹੈ, ਜਿਹੜੇ ਸਾਲ ਤੁਸੀਂ 71 ਸਾਲ ਦੇ ਹੋ ਜਾਂਦੇ ਹੋ। ਜੇ ਇਹ ਯੋਜਨਾ ਤੁਹਾਡੇ ਜੀਵਨ-ਸਾਥੀ ਲਈ ਹੈ, ਤਦ ਇਹ ਉਹ ਸਾਲ ਹੁੰਦਾ ਹੈ, ਜਦੋਂ ਤੁਹਾਡਾ/ਤੁਹਾਡੀ ਜੀਵਨ ਸਾਥੀ 71 ਸਾਲਾਂ ਦਾ/ਦੀ ਹੋ ਜਾਂਦਾ/ਜਾਂਦੀ ਹੈ।

71 ਸਾਲ ਦੀ ਉਮਰ ਪਿੱਛੋਂ, ਆਰ.ਆਰ.ਐਸ.ਪੀ. ਇੱਕ ‘ਰਜਿਸਟਰਡ ਰਿਟਾਇਰਮੈਂਟ ਇਨਕਮ ਫ਼ੰਡ’ (ਰਜਿਸਟਰਡ ਸੇਵਾ-ਮੁਕਤੀ ਆਮਦਨ ਫ਼ੰਡ) ਵਿੱਚ ਤਬਦੀਲ ਹੋ ਜਾਂਦੀ ਹੈ; ਜਾਂ, ਤੁਸੀਂ ਆਰ.ਆਰ.ਐਸ.ਪੀ. ਫ਼ੰਡਜ਼ ਦੀ ਵਰਤੋਂ ਇੱਕ ‘ਐਨੂਇਟੀ’ (ਇੱਕ ਬੀਮਾ ਨਿਵੇਸ਼ ਖਾਤਾ, ਜੋ ਇੱਕ ਨਿਸ਼ਚਤ ਸਮਾਂ-ਸੀਮਾ ਲਈ ਹਰ ਸਾਲ ਇੱਕ ਨਿਸ਼ਚਤ ਰਕਮ ਤੁਹਾਨੂੰ ਅਦਾ ਕਰਦਾ ਹੈ) ਖ਼ਰੀਦਣ ਲਈ ਕਰ ਸਕਦੇ ਹੋ। ਇਹ ਦੋਵੇਂ ਵਿਕਲਪ ਹੀ ਤੁਹਾਨੂੰ ਆਪਣੀਆਂ ਬੱਚਤਾਂ ਤੇ ਮੁਨਾਫ਼ਿਆਂ ’ਚੋਂ ਤੁਹਾਨੂੰ ਨਿਯਮਤ ਆਮਦਨ ਭੁਗਤਾਨ ਦੇ ਸਕਦੇ ਹਨ। ਤੁਸੀਂ ਇਨ੍ਹਾਂ ਭੁਗਤਾਨਾਂ ਉਤੇ ਆਮਦਨ ਟੈਕਸ ਅਦਾ ਕਰਦੇ ਹੋ, ਪਰ ਤੁਹਾਡੇ ਉਤੇ ਇੱਕ ਘੱਟ ਟੈਕਸ ਦਰ ਲੱਗਣ ਦੀ ਸੰਭਾਵਨਾ ਹੋਵੇਗੀ ਕਿਉਂਕਿ ਤੁਸੀਂ ਕੰਮ ਨਹੀਂ ਕਰ ਰਹੇ ਹੋਵੋਗੇ।

ਕੀ ਮੈਂ ਆਪਣਾ ਧਨ ਸਮੇਂ ਤੋਂ ਪਹਿਲਾਂ ਕੱਢ ਸਕਦਾ ਹਾਂ?

ਜੇ ਤੁਸੀਂ ਆਪਣੀ ਸੇਵਾ-ਮੁਕਤੀ (ਰਿਟਾਇਰਮੈਂਟ) ਤੋਂ ਪਹਿਲਾਂ ਆਪਣਾ ਧਨ ਕੱਢਦੇ ਹੋ, ਤਾਂ ਤੁਹਾਡਾ ਵਿੱਤੀ ਸੰਸਥਾਨ, ਸਰਕਾਰ ਨੂੰ ਟੈਕਸ ਅਦਾ ਕਰਨ ਲਈ ਕੁੱਝ ਧਨ ਆਪਣੇ ਕੋਲ ਰੱਖੇਗਾ। ਟੈਕਸ ਦੀ ਰਕਮ, ਜੋ 5 ਪ੍ਰਤੀਸ਼ਤ ਤੋਂ 3 ਪ੍ਰਤੀਸ਼ਤ ਤੱਕ ਦੇ ਵਿਚਕਾਰ ਹੁੰਦੀ ਹੈ, ਇਸ ਗੱਲ ਉਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨਾ ਧਨ ਕਢਵਾਉਂਦੇ ਹੋ ਤੇ ਕੈਨੇਡਾ ਵਿੱਚ ਤੁਸੀਂ ਕਿੱਥੇ ਰਹਿ ਰਹੇ ਹੋ।

ਜਦੋਂ ਤੁਸੀਂ ਆਪਣੀ ਆਮਦਨ ਟੈਕਸ ਰਿਟਰਨ ਦਾਖ਼ਲ ਕਰਵਾਉਂਦੇ ਹੋ, ਤਾਂ ਕੱਢੇ ਗਏ ਧਨ ਉਤੇ ਤੁਹਾਨੂੰ ਵੱਧ ਟੈਕਸ ਵੀ ਅਦਾ ਕਰਨਾ ਪੈ ਸਕਦਾ ਹੈ, ਜੋ ਕਿ ਤੁਹਾਡੀ ਹੋਰ ਆਮਦਨ ਉਤੇ ਨਿਰਭਰ ਹੋਵੇਗਾ। ਇੱਥੇ ਕੁੱਝ ਹੋਰ ਜੁਰਮਾਨੇ ਵੀ ਹੁੰਦੇ ਹੋ, ਜਿਨ੍ਹਾਂ ਦੀ ਵਿਆਖਿਆ ਤੁਹਾਡੇ ਵਿੱਤੀ ਸੰਸਥਾਨ ਨੂੰ ਕਰਨੀ ਚਾਹੀਦੀ ਹੈ।

ਟੈਕਸ ਦਰਾਂ

ਤੁਸੀਂ ਕਿੰਨਾ ਟੈਕਸ ਬਚਾਉਂਦੇ ਹੋ, ਉਹ ਤੁਹਾਡੀ ਸੀਮਾਂਤ ਟੈਕਸ ਦਰ ਉਤੇ ਨਿਰਭਰ ਕਰਦਾ ਹੈ।

ਸੀਮਾਂਤ ਟੈਕਸ ਦਰ (ਉਦਾਹਰਣ) ਬਚਾਇਆ ਟੈਕਸ ਡਾਲਰ
1,000 ਡਾਲਰ 25% 250 ਡਾਲਰ
1,000 ਡਾਲਰ 35% 350 ਡਾਲਰ
1,000 ਡਾਲਰ 45% 450 ਡਾਲਰ

ਤੁਸੀਂ ਇਸ ਯੋਜਨਾ ਟੈਕਸ-ਮੁਕਤ ਵਿਚੋਂ ਆਪਣੇ ਪਹਿਲੇ ਮਕਾਨ ਲਈ 25 ਹਜ਼ਾਰ ਡਾਲਰ ਤੱਕ ਜਾਂ ਆਪਣੀ ਸਿੱਖਿਆ ਜਾਂ ਪੜ੍ਹਾਈ ਲਈ 20,000 ਡਾਲਰ ਤੱਕ ਦੀ ਅਦਾਇਗੀ ਵਾਸਤੇ ਧਨ ਕਢਵਾ ਸਕਦੇ ਹੋ। ਭਾਵੇਂ, ਤੁਹਾਨੂੰ ਉਹ ਧਨ ਵਾਪਸ ਅਦਾ ਕਰਨਾ ਹੁੰਦਾ ਹੈ। ‘ਮਕਾਨ ਖ਼ਰੀਦਦਾਰਾਂ ਦੀ ਯੋਜਨਾ’ (ਐਚ.ਬੀ.ਪੀ.) (Home Buyers’ Plan (HBP)) ਅਤੇ ‘ਜੀਵਨ ਭਰ ਸਿੱਖਣ ਦੀ ਯੋਜਨਾ’ (ਐਲ.ਐਲ.ਪੀ.) (Lifelong Learning Plan (LLP)) ਬਾਰੇ ਹੋਰ ਜਾਣੋ।

ਮੈਨੂੰ ਹੋਰ ਕੀ ਕੁੱਝ ਜਾਣਨਾ ਚਾਹੀਦਾ ਹੈ?

ਇੱਕ ‘ਆਰ.ਆਰ.ਐਸ.ਪੀ.’ ਆਪਣੇ-ਆਪ ਵਿੱਚ ਇੱਕ ਨਿਵੇਸ਼ ਹੁੰਦਾ ਹੈ। ਸਗੋਂ ਤੁਸੀਂ ਇੱਕ ਆਰ.ਆਰ.ਐਸ.ਪੀ. ਖਾਤੇ ਵਿੱਚ ਨਿਵੇਸ਼ ਕਰਦੇ ਹੋ। ਜਦੋਂ ਤੁਸੀਂ ਇਸ ਯੋਜਨਾ ਅਧੀਨ ਨਿਵੇਸ਼ ਖ਼ਰੀਦਦੇ ਤੇ ਵੇਚਦੇ ਹੋ, ਤਾਂ ਉਥੇ ਖ਼ਰਚੇ ਹੋਣਗੇ, ਬਿਲਕੁਲ ਉਵੇਂ ਜਿਵੇਂ ਕਿ ਇੱਕ ਪਲੈਨ ਦੇ ਬਾਹਰ ਹੁੰਦੇ ਹਨ।

ਇੱਕ ਆਰ.ਆਰ.ਐਸ.ਪੀ. ਟੈਕਸ-ਮੁਕਤ ਨਹੀਂ ਹੈ। ਇਹ ਇੱਕ ਬੱਚਤ ਯੋਜਨਾ ਹੈ, ਜਿਸ ਰਾਹੀਂ ਤੁਸੀਂ ਬਾਅਦ ਵਿੱਚ, ਸੇਵਾ-ਮੁਕਤੀ ਸਮੇਂ, ਆਮਦਨ ਟੈਕਸ ਅਦਾ ਕਰ ਸਕਦੇ ਹੋ, ਜਦੋਂ ਤੁਹਾਡੇ ਉਤੇ ਘੱਟ ਟੈਕਸ ਦਰ ਲੱਗਣ ਦੀ ਸੰਭਾਵਨਾ ਹੋਵੇਗੀ।

ਸਰੋਤ: GetSmarterAboutMoney.ca, ਕੈਨੇਡਾ ਰੈਵੇਨਿਊ ਏਜੰਸੀ ਫ਼ਾਈਨੈਂਸ਼ੀਅਲ ਕਨਜ਼ਿਊਮਰ ਏਜੰਸੀ ਆੱਫ਼ ਕੈਨੇਡਾ